ਅਵਤਾਰ ਰੇਡਿਓ : ਸੰਵਾਦ ਅਤੇ ਕੁਦਰਤ ਦੀ ਸੱਥ
ਜ਼ਿੰਦਗੀ ਦੇ ਸਾਰੇ ਲੇਖੇ ਜੋਖੇ ‘ਚ ਅਖੀਰ ਕੁਲ ਜਮ੍ਹਾਂ ਕੀ ਬਚਦਾ ਹੈ ਇਹੋ ਅਸਲ ਅਹਿਸਾਸ ਹੈ।ਅਜੋਕੀ ਆਰਥਿਕਤਾ ‘ਚ ਇਸ ਪਹਿਲੂ ਨੂੰ ਮਹਿਸੂਸ ਕਰਨਾ ਬਹੁਤ ਵੱਡੀ ਚਣੌਤੀ ਹੈ।ਇਸ ਦੇ ਨਾਲ ਇੱਕ ਗੱਲ ਹੋਰ ਜੋੜ ਦਿੱਤੀ ਜਾਵੇ ਤਾਂ ਅਤਿਕਥਨੀ ਨਹੀਂ ਹੋਵੇਗੀ ਕਿ ਚਣੌਤੀ ਹੋਣ ਦੇ ਬਾਵਜੂਦ ਮੁਸ਼ਕਿਲ ਨਹੀਂ ਹੈ ਬੱਸ ਥੌੜ੍ਹਾ ਜਿਹਾ ਸਰੋਕਾਰੀ ਬੰਦਾ ਤੇ ਮੱਨੁਖਤਾ ਭਰੀ ਸੋਚ ਦੀ ਹੀ ਦਰਕਾਰ ਬਚਦੀ ਹੈ।10 ਨਵੰਬਰ 2012 ਨੂੰ ਪਿੰਡਾ ਚੋਂ ਚੱਲਣ ਵਾਲਾ ਪਹਿਲਾਂ ਰੇਡਿਓ ਸੀਚੇਵਾਲ ਤੋਂ ਸ਼ੁਰੂ ਹੁੰਦਾ ਹੈ ਤਾਂ ਇਹ ਸਿਰਫ ਪ੍ਰੋਗਰਾਮਾਂ ਦੀ ਪੇਸ਼ਕਾਰੀ ਤੱਕ ਮਹਿਦੂਦ ਨਹੀਂ ਸੀ।ਐੱਫ.ਐੱਮ 90.4 ਅਵਤਾਰ ਰੇਡਿਓ ਸੀਚੇਵਾਲ ਪੂਰੀ ਦੀ ਪੂਰੀ ਇੱਕ ਅਵਾਜ਼ ਦੀ ਦੁਨੀਆ ਹੈ ਜਿਸ ‘ਚ ਉਹ ਲੋਕ ਆਕੇ ਸਮਾਏ ਜਿੰਨ੍ਹਾ ਨੂੰ ਇੱਕ ਸੱਥ ਦੀ ਲੋੜ ਸੀ ਜਿਸ ਰਾਹੀਂ ਉਹ ਆਪਣੀ ਅਵਾਜ਼ ਸੁਣਾ ਸਕਣ ਅਤੇ ਆਪਣੀ ਤਰ੍ਹਾਂ ਦੀ ਠੇਠ ਦਿਹਾਤੀ ਮਹਿਕ ਨੂੰ ਲੈ ਸਕਣ।
ਅਜੋਕੇ ਦੌਰ ਦੇ ਰੇਡਿਓ ਚੀਖ ਚਿਹਾੜੇ ‘ਚ ਮਲੂਕ ਸੰਵੇਦਨਾਵਾਂ ਦੀ ਥਾਂ ਬਣਾਉਣਾ ਹੀ ਅਸਲ ਕੁਦਰਤ ਦੀ ਅਵਾਜ਼ ਹੈ
ਸ਼ੁਰੂਆਤ ‘ਚ ਅਸੀ ਇੱਕ ਸਾਫ ਤਖਤੀ ਨੂੰ ਆਪਣੇ ਸਾਹਮਣੇ ਪਾਇਆ।ਉਸ ਤਖਤੀ ‘ਤੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨਵੇਂ ਯੁੱਗ ਦੀ ਸੋਚ ਨਵੇਂ ਵਿਚਾਰਾਂ ਨਾਲ ਬੇਹਤਰ ਸਮਾਜ ਲਈ ਆਪਣਾ ਨਜ਼ਰੀਆ ਪੇਸ਼ ਕੀਤਾ।ਪਰ ਉਸ ਨਜ਼ਰੀਏ ਲਈ ਕੰਮ ਕਰਨ ਲਈ ਬੇਹਤਰ ਫੌਜ ਨਹੀਂ ਸੀ।ਪਰ ਪੁਰਾਣਾ ਨੁਸਖਾ ਹੈ ਕਿ ਜਿਉਂ ਜਿਉਂ ਤੁਸੀ ਕਿਸੇ ਕੰਮ ਲਈ ਕੌਸ਼ਿਸ਼ ਕਰਦੇ ਜਾਂਦੇ ਹੋ ਕੰਮ ਬੇਹਤਰ ਹੁੰਦੇ ਜਾਂਦੇ ਹਨ।ਸੰਤ ਅਵਤਾਰ ਸਿੰਘ ਯਾਦਗਾਰੀ ਕਾਲਜ ਦੇ ਅਧਿਆਪਕ ਅਤੇ ਵਿਦਿਆਰਥੀਆਂ ਨੇ ਆਪਣਾ ਸਮਾਂ ਅਤੇ ਸਮਰਪਣ ਰੇਡਿਓ ਨੂੰ ਦਿੱਤਾ ਅਤੇ ਅਸੀ 24 ਘੰਟੇ ਚੱਲਣ ਵਾਲੇ ਪੰਜਾਬ ਦੇ ਪਿੰਡਾਂ ਚੋਂ ਚੱਲਣ ਵਾਲੇ ਪਹਿਲੇ ਰੇਡਿਓ ਦੇ ਨਾਲ ਸਾਂ।ਇਹ ਕੁਝ ਇਸ ਤਰ੍ਹਾਂ ਸੀ ਕਿ ਲੋਕ ਜੁੜਦੇ ਗਏ ਅਤੇ ਕਾਫਲਾ ਬਣਦਾ ਗਿਆ।
ਕਹਿੰਦੇ ਹਨ ਕਿ ਬੇਹਤਰ ਸੱਭਿਅਤਾ ਦਾ ਨਿਰਮਾਣ ਨਦੀਆਂ ਦੇ ਕੰਢੇ ਹੀ ਹੋਇਆ ਅਤੇ ਉਹਨਾਂ ਸੱਭਿਅਤਾਵਾਂ ਨੇ ਆਪਣੀ ਵਿਰਾਸਤ ਨੂੰ ਇਤਿਹਾਸ ਦੇ ਰੂਪ ‘ਚ ਅਤੇ ਨਵੇਂ ਕੱਲ੍ਹ ਵੱਲ ਨੂੰ ਵੱਧਣ ਲਈ ਸੰਵਾਦ ਨੂੰ ਸ਼ੁਰੂ ਕੀਤਾ।ਇਹ ਕੁਦਰਤ ਅਤੇ ਸੰਵਾਦ ਬਹੁਤ ਪਿਆਰੇ ਸੂਤਰ ਹਨ।ਇਹਨਾਂ ਤੋਂ ਦੂਰ ਹੋਣਾ ਹੀ ਅਜੋਕੇ ਬੰਦੇ ਦੀ ਅਸਲ ਤ੍ਰਾਸਦੀ ਹੈ।ਇਸ ਤ੍ਰਾਸਦੀ ਕਰਕੇ ਹੀ ਸਾਡਾ ਇਸ਼ਕ ਨਦੀਆਂ ਨਾਲ ਜਾਂ ਕੁਦਰਤ ਨਾਲ ਮੱਠਾ ਪੈ ਗਿਆ ਹੈ।ਕੁਦਰਤ ਨਾਲ ਸੰਵਾਦ ਨੂੰ ਦੁਬਾਰਾ ਖੜ੍ਹਾ ਕਰਨਾ ਬਹੁਤ ਜ਼ਰੂਰੀ ਹੈ।ਇਸ ਸਭ ਲਈ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਉਹਨਾਂ ਦੀ ਸੋਚ ਨੂੰ ਸਲਾਮ ਕਰਨ ਨੂੰ ਦਿਲ ਕਰਦਾ ਹੈ।ਜੇ ਅਸੀ ਰੇਡਿਓ ਪਰਿਵਾਰ ਉਹਨਾਂ ਦਾ ਹਿੱਸਾ ਨਾ ਹੁੰਦੇ ਤਾਂ ਅਸੀ ਕੁਦਰਤ ਅਤੇ ਸੰਵਾਦ ਦੀਆਂ ਅਜਿਹੀਆਂ ਕੀਮਤੀ ਗੱਲਾਂ ਨਾਲ ਰੂ ਬੂ ਰੂ ਨਾ ਹੁੰਦੇ।